ਵਿੱਦਿਅਕ ਢਾਂਚੇ ਦੀ ਕਾਇਆ ਕਲਪ ਕਿੱਦਾਂ?

ਵਿੱਦਿਅਕ ਢਾਂਚੇ ਦੀ ਕਾਇਆ ਕਲਪ ਕਿੱਦਾਂ?

ਮੌਜੂਦਾ ਵਿੱਦਿਅਕ ਢਾਂਚੇ ਨੂੰ ਹਰਮਨ ਪਿਆਰਾ ਬਨਾਉਣ ਲਈ ਅਹਿਮ ਸੁਧਾਰਾਂ ਲਈ ਲਾਸਾਨੀ ਕਦਮ ਚੁੱਕਣਾ ਸਮੇਂ ਦੀ ਪੁਰਜ਼ੋਰ ਮੰਗ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਵਿੱਦਿਅਕ ਮਹਿਕਮੇ ਵਿਚ ਅਹਿਮ ਤਬਦੀਲੀਆਂ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਏ।

 

ਸਰਕਾਰੀ ਸਕੂਲਾਂ ਵਿਚ ਹਰ ਪੱਖੋਂ ਕ੍ਰਾਂਤੀਕਾਰੀ ਸੁਧਾਰ ਕਰਨ ਵਿਚ ਤਨੋ ਮਨੋ ਜ਼ੋਰ ਲਗਾਇਆ ਜਾਵੇ। ਬੱਚਿਆਂ ਦੀਆਂ ਸਹੂਲਤਾਂ ਵਿਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ। ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਬਣਾਇਆ ਜਾਣਾ ਅਤਿ ਜ਼ਰੂਰੀ ਹੈ।

 

ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹਰ ਹਾਲਤ ਪੂਰੀ ਕੀਤੀ ਜਾਣੀ ਚਾਹੀਦੀ ਹੈ। ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਕਿਸੇ ਕੀਮਤ ਨਾ ਲਏ ਜਾਣ। ਅਧਿਆਪਕਾਂ ਦੀ ਕਮੀ ਤੇ ਗੈਰਵਿੱਦਿਅਕ ਕੰਮਾਂ ਵਿੱਚ ਲਾ ਕੇ ਬੱਚਿਆਂ ਦੀ ਪੜਾਈ ਦਾ ਘਾਣ ਹੋ ਜਾਂਦਾ ਹੈ। ਸੇਵਾ ਮੁਕਤੀ ਦਾ ਸਮਾਂ ਕਿਸੇ ਕੀਮਤ ਨਾ ਵਧਾਇਆ ਜਾਵੇ।

 

ਬੇਰੁਜ਼ਗਾਰ ਅਧਿਆਪਕਾਂ ਦੀ ਮੈਰਿਟ ਦੇ ਅਧਾਰ ‘ਤੇ ਸੂਚੀ ਬਣਾ ਕੇ ਖਾਲੀ ਪੋਸਟਾਂ ਹੋਣ ‘ਤੇ ਸਬੰਧਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਵਡਭਾਗੀ ਬਣਾਇਆ ਜਾਵੇ। ਆਰਜ਼ੀ ਤੌਰ ‘ਤੇ ਭਰਤੀ ਕੀਤੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫਰਜ਼ ਅਦਾ ਕਰਕੇ ਵਧਾਈ ਦੀ ਪਾਤਰ ਸਰਕਾਰ ਬਣੇ।

 

ਨਿਯੁਕਤੀ ਸਮੇਂ ਅਧਿਆਪਕਾਂ ਨੂੰ ਘਰੋਂ ਦੂਰ ਦੁਰਾਡੇ ਭੇਜ ਕੇ ਮਨ ਦੀ ਸ਼ਾਂਤੀ ਭੰਗ ਨਾ ਕੀਤੀ ਜਾਵੇ। ਕੰਪਿਊਟਰ ਅਧਿਆਪਕਾਂ ਨੂੰ ਵਿੱਦਿਅਕ ਮਹਿਕਮੇ ਵਿਚ ਲੈ ਕੇ ਸਰਕਾਰ ਦੂਸਰੇ ਰੈਗੂਲਰ ਅਧਿਆਪਕਾਂ ਵਾਂਗ ਸਹੂਲਤ ਦੇਣ ਤੋਂ ਵਾਂਝੇ ਕਰਕੇ ਮਤਰੇਈ ਮਾਂ ਵਰਗਾ ਸਰਕਾਰ ਸਲੂਕ ਨਾ ਕਰੇ।

 

ਸਰਕਾਰ, ਸਰਕਾਰੀ ਸਕੂਲਾਂ ਤੋਂ ਬਿਨਾਂ ਹੋਰ ਸਕੂਲਾਂ, ਜਿਵੇਂ ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ ਆਦਿ ਸਕੂਲਾਂ ਨੂੰ ਬੰਦ ਕਰਕੇ ਇਕਸਾਰਤਾ ਦਾ ਨਿਯਮ ਅਪਣਾਇਆ ਜਾਵੇ। ਪ੍ਰਾਈਵੇਟ ਸਕੂਲਾਂ ਦੀ ਮਨਮਰਜੀ ਤੇ ਲਗਾਮ ਲਗਾਉਣਾ ਵੀ ਜ਼ਰੂਰੀ ਹੈ ਜਿਥੇ ਇੰਗਲਿਸ਼ ਦਾ ਬੋਲਬਾਲਾ ਹੋਣ ਕਰਕੇ ਮਾਂ-ਬੋਲੀ ਨੂੰ ਹਾਸ਼ੀਏ ’ਤੇ ਕੀਤਾ ਹੋਇਆ ਹੈ। ਇਨ੍ਹਾਂ ਸਕੂਲਾਂ ਦੇ ਖਰਚੇ ਆਮ ਮਾਪਿਆਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਬੱਚਿਆਂ ਨੂੰ ਦਾਖ਼ਲ ਨਹੀਂ ਕਰਾ ਸਕਦੇ। ਇਨ੍ਹਾਂ ਸਕੂਲਾਂ ‘ਤੇ ਸਰਕਾਰ ਰਾਹ-ਸਿਰ ਨਿਗਰਾਨੀ ਕਰੇ ਤੇ ਇਨ੍ਹਾਂ ਵਾਸਤੇ ਨਿਯਮ ਬਣਾਏ।

 

ਇੰਗਲਿਸ਼ ਦੇ ਨਾਲ ਮਾਂ-ਬੋਲੀ ਪੰਜਾਬੀ ਨੂੰ ਸੀ.ਬੀ.ਐਸ.ਈ. ਦੇ ਅਧੀਨ ਚੱਲ ਰਹੇ ਸਕੂਲਾਂ ਵਿਚ ਅਹਿਮ ਸਥਾਨ ਦਿੱਤਾ ਜਾਵੇ। ਕਈ ਬੀ.ਐੱਡ. ਕਰਾਉਣ ਵਾਲੇ ਕਾਲਜ ( ਪ੍ਰਾਈਵੇਟ ) ਰੱਜਵੀਂ ਫੀਸ ਲੈ ਕੇ ਘਰ ਬੈਠੇ ਕੋਰਸ ਕਰਨ ਦੀ ਖੁੱਲੀ ਛੁੱਟੀ ਦਿੰਦੇ ਹਨ ਪਰ ਨੌਕਰੀ ਪ੍ਰਾਈਵੇਟ ਸਕੂਲ ਵਿੱਚ ਕਰਦੇ ਹਨ। ਇਹ ਖਿਲਵਾੜ ਹਰ ਹਾਲਤ ਬੰਦ ਕੀਤਾ ਜਾਵੇ। ਇਹਨਾਂ ਕਾਲਜਾਂ ‘ਤੇ ਸਰਕਾਰ ਤਿੱਖੀ ਨਜ਼ਰ ਰੱਖੇ ।

 

ਮੁੱਕਦੀ ਗੱਲ ਸਰਕਾਰ, ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਨਾ ਰਹਿਣ ਦੇਵੇ। ਅਧਿਆਪਕਾਂ ਨੂੰ ਰੋਸ-ਮੁਜਾਹਰੇ ਕਰਨ ਲਈ ਮਜਬੂਰ ਨਾ ਹੋਣਾ ਪਵੇ। ਕਿਸੇ ਅਧਿਆਪਕ ਦਾ ਡੈਪੂਟੇਸ਼ਨ ਕਰਕੇ ਦੂਸਰੇ ਸਕੂਲ ਵਿਚ ਭੇਜ ਕੇ ਪਹਿਲੇ ਸਕੂਲ ਵਿੱਚ ਪੜਾਈ ਪੱਖੋਂ ਨੁਕਸਾਨ ਨਾ ਕੀਤਾ ਜਾਵੇ।

 

ਸੁੰਦਰ ਪਾਲ ਪ੍ਰੇਮੀ, ਜੈਤੋ